ਬੰਜਰ ਪਠਾਰ 'ਤੇ ਸਥਿਤ ਇਸ ਦਰਗਾਹ ਨੇ ਮਾਲਗਾਓਂ ਦੇ ਵਸਨੀਕਾਂ ਦੀ ਚੰਗੀ ਤਰ੍ਹਾਂ ਸੇਵਾ ਕੀਤੀ ਹੈ। ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਸਥਿਤ ਇਹ ਦਰਗਾਹ ਸਦੀਆਂ ਤੋਂ ਮੌਜੂਦ ਹੈ ਅਤੇ ਉਦੋਂ ਤੋਂ ਹੀ ਇਹ ਇੱਕ ਪਨਾਹਗਾਹ ਵੀ ਬਣੀ ਹੋਈ ਹੈ।

ਸਕੂਲੀ ਬੱਚੇ ਉਸ ਰੁੱਖ ਦੇ ਹੇਠਾਂ ਆਪਣਾ ਹੋਮਵਰਕ ਕਰਦੇ ਹਨ ਜੋ ਇਸ ਦਰਗਾਹ ਦੇ ਸਾਹਮਣੇ ਝੁਕਿਆ ਹੋਇਆ ਹੈ। ਨੌਜਵਾਨ ਲੜਕੇ ਤੇ ਲੜਕੀਆਂ ਦਰਗਾਹ ਦੇ ਪ੍ਰਵੇਸ਼ ਦੁਆਰ 'ਤੇ ਪ੍ਰਤੀਯੋਗੀ ਸਿਵਲ ਸੇਵਾਵਾਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ, ਇਹ ਇੱਕੋ ਇੱਕ ਅਜਿਹੀ ਜਗ੍ਹਾ ਜਿੱਥੇ ਗਰਮੀ ਵਿੱਚ ਵੀ ਠੰਡੀ ਹਵਾ ਚੱਲਦੀ ਰਹਿੰਦੀ ਹੈ; ਚਾਹਵਾਨ ਪੁਲਿਸ ਵਾਲ਼ੇ ਚੁਫ਼ੇਰੇ ਖੁੱਲ੍ਹੀ ਜਗ੍ਹਾ ਵਿੱਚ ਤੰਦਰੁਸਤੀ ਦੀ ਸਖ਼ਤ ਸਿਖਲਾਈ ਵੀ ਲੈਂਦੇ ਹਨ।

"ਇੱਥੋਂ ਤੱਕ ਕਿ ਇਸ ਦਰਗਾਹ ਨਾਲ਼ ਮੇਰੇ ਦਾਦਾ ਜੀ ਦੀਆਂ ਕਹਾਣੀਆਂ ਵੀ ਜੁੜੀਆਂ ਹਨ," 76 ਸਾਲਾ ਕਿਸਾਨ, ਵਿਨਾਇੱਕ ਜਾਧਵ ਕਹਿੰਦੇ ਹਨ, ਜਿਨ੍ਹਾਂ ਕੋਲ਼ ਪਿੰਡ ਵਿੱਚ 15 ਏਕੜ ਤੋਂ ਵੱਧ ਜ਼ਮੀਨ ਹੈ। "ਕਲਪਨਾ ਕਰਕੇ ਦੇਖੋ ਕਿ ਇਹ ਥਾਂ ਕਿੰਨੀ ਪੁਰਾਣੀ ਰਹੀ ਹੋਵੇਗੀ। ਹਿੰਦੂਆਂ ਅਤੇ ਮੁਸਲਮਾਨਾਂ ਨੇ ਰਲ਼-ਮਿਲ਼ ਇਸ ਨੂੰ ਸਾਂਭੀ ਰੱਖਿਆ ਹੈ। ਇਹ ਦਰਗਾਹ ਸ਼ਾਂਤੀਪੂਰਨ ਸਹਿ-ਹੋਂਦ ਦਾ ਪ੍ਰਤੀਕ ਹੈ।''

ਪਰ ਸਤੰਬਰ 2023 ਆਇਆ ਤੇ ਚੀਜ਼ਾਂ ਬਦਲ ਗਈਆਂ। ਦਰਗਾਹ, ਜਿਸ ਨੂੰ ਮਾਲਗਾਓਂ ਦੇ ਲੋਕ ਬਹੁਤ ਪਿਆਰ ਕਰਦੇ ਸਨ, ਨੇ ਉਸ ਦਿਨ ਇੱਕ ਨਵਾਂ ਅਰਥ ਪ੍ਰਾਪਤ ਕੀਤਾ- ਨੌਜਵਾਨਾਂ ਦੇ ਛੋਟੇ ਪਰ ਭੂਸਰੇ ਇੱਕ ਗੁੱਟ ਨੇ ਦਾਅਵਾ ਕੀਤਾ ਕਿ ਇਸ ਥਾਂ 'ਤੇ ਕਬਜ਼ਾ ਕੀਤਾ ਗਿਆ ਸੀ। ਉਨ੍ਹਾਂ ਨੌਜਵਾਨਾਂ ਨੂੰ ਹਿੰਦੂਤਵ ਸਮੂਹਾਂ ਦੇ ਗੱਠਜੋੜ ਨੇ ਭੜਕਾਇਆ ਹੋਇਆ ਸੀ।

ਮਾਲਗਾਓਂ ਪਿੰਡ ਦੇ 20-25 ਸਾਲਾ ਇਨ੍ਹਾਂ ਹਿੰਦੂ ਵਸਨੀਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ''ਨਾਜਾਇਜ਼ ਕਬਜ਼ਾ'' ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਵਿੱਚੋਂ ਕੁਝ ਨੇ ਪਹਿਲਾਂ ਹੀ ਇਸ ਦੇ ਨਾਲ਼ ਲੱਗਦੀ ਪਾਣੀ ਦੀ ਟੈਂਕੀ ਤਬਾਹ ਕਰ ਸੁੱਟੀ ਸੀ। ''ਮੁਸਲਿਮ ਭਾਈਚਾਰਾ ਇਸ ਦੇ ਆਲ਼ੇ-ਦੁਆਲ਼ੇ ਦੀ ਜਨਤਕ ਜ਼ਮੀਨ 'ਤੇ ਵੀ ਕਬਜ਼ਾ ਕਰਨਾ ਚਾਹੁੰਦਾ ਹੈ।'' ਇਸ ਪੱਤਰ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ "ਦਰਗਾਹ ਗ੍ਰਾਮ ਪੰਚਾਇਤ ਦੀ ਇੱਛਾ ਦੇ ਵਿਰੁੱਧ ਬਣਾਈ ਗਈ ਹੈ।"

PHOTO • Parth M.N.

ਵਿਨਾਇੱਕ ਜਾਧਵ (ਗਾਂਧੀ ਟੋਪੀ ਪਹਿਨੇ ਹੋਏ) ਆਪਣੇ ਦੋਸਤਾਂ ਨਾਲ਼ ਮਾਲਗਾਓਂ ਪਿੰਡ ਦੀ ਇੱਕ ਦਰਗਾਹ ਵਿਖੇ। ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਸਥਿਤ ਇਹ ਦਰਗਾਹ ਸਦੀਆਂ ਪੁਰਾਣੀ ਹੈ

ਪਰ ਜਿਓਂ-ਜਿਓਂ ਦਰਗਾਹ ਢਾਹੇ ਜਾਣ ਦੀ ਮੰਗ ਵਧਣ ਲੱਗੀ, ਪਿੰਡ ਨਿਆਂ ਦੇ ਰਾਹ 'ਤੇ ਇਕੱਠਾ ਹੋ ਗਿਆ। "1918 ਦੇ ਨਕਸ਼ਿਆਂ 'ਤੇ ਵੀ ਇਸ ਦਰਗਾਹ ਦਾ ਪਤਾ ਮਿਲ਼ਦਾ ਹੈ," ਜਾਧਵ ਕਹਿੰਦੇ ਹਨ ਤੇ ਧਿਆਨ ਨਾਲ਼ ਪੀਲ਼ੇ ਪੈ ਚੁੱਕੇ ਕਾਗ਼ਜ਼ ਨੂੰ ਖੋਲ੍ਹਦੇ ਹਨ। "ਅਜ਼ਾਦੀ ਤੋਂ ਪਹਿਲਾਂ ਪਿੰਡ ਵਿੱਚ ਬਹੁਤ ਸਾਰੇ ਧਾਰਮਿਕ ਸਥਾਨ ਸਨ। ਅਸੀਂ ਉਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸ਼ਾਂਤੀਪੂਰਨ ਮਾਹੌਲ ਵਿੱਚ ਵੱਡੇ ਹੋਣ।"

ਉਹ ਅੱਗੇ ਕਹਿੰਦੇ ਹਨ: "ਧਰਮ-ਧਰਮ ਮਧੇ ਭੰਡਨ ਲਾਨ ਆਪਨ ਪੁਧੇ ਨਹੀਂ , ਮਾਗੇ ਜਨੇਰ (ਧਰਮ ਦੇ ਨਾਂਅ 'ਤੇ ਲੋਕਾਂ ਦਰਮਿਆਨ ਵੰਡੀਆਂ ਪਾਉਣਾ, ਸਾਨੂੰ ਸਿਰਫ਼ ਪਿਛਾਂਹਖਿੱਚੂ ਹੀ ਬਣਾਉਂਦਾ ਹੈ।)''

ਹਿੰਦੂਤਵ ਸੰਗਠਨਾਂ ਦੇ ਮੈਂਬਰਾਂ ਵੱਲੋਂ ਦਰਗਾਹ ਢਾਹੁਣ ਦੀ ਮੰਗ ਕੀਤੇ ਜਾਣ ਤੋਂ ਬਾਅਦ ਦੋਵਾਂ ਭਾਈਚਾਰਿਆਂ ਦੇ ਸੀਨੀਅਰ ਮੈਂਬਰ ਮਾਲਗਾਓਂ ਪਿੰਡ ਵਿੱਚ ਇਕੱਠੇ ਹੋਏ ਅਤੇ ਇਸ ਦੇ ਖਿਲਾਫ਼ ਇੱਕ ਪੱਤਰ ਜਾਰੀ ਕੀਤਾ। ਪੱਤਰ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਇਹ ਮੰਗ ਬਹੁਗਿਣਤੀ ਦੇ ਵਿਚਾਰਾਂ ਦੀ ਨੁਮਾਇੰਦਗੀ ਨਹੀਂ ਕਰਦੀ। ਇਸ ਪੱਤਰ 'ਤੇ ਦੋ ਸੌ ਮੁਸਲਮਾਨਾਂ ਅਤੇ ਹਿੰਦੂਆਂ ਨੇ ਦਸਤਖਤ ਕੀਤੇ। ਇੰਝ ਕੋਸ਼ਿਸ਼ ਕਰਿਆਂ ਉਹ ਦਰਗਾਹ ਨੂੰ ਬਚਾਉਣ ਵਿੱਚ ਕਾਮਯਾਬ ਰਹੇ- ਭਾਵੇਂ ਕੁਝ ਸਮੇਂ ਲਈ।

ਪਿੰਡ ਦੇ ਲੋਕਾਂ ਲਈ ਸਭ ਤੋਂ ਵੱਡੀ ਚੁਣੌਤੀ ਮਿਹਨਤ ਨਾਲ਼ ਹਾਸਲ ਕੀਤੀ ਇਸ ਸ਼ਾਂਤੀ ਨੂੰ ਬਣਾਈ ਰੱਖਣਾ ਹੈ।

*****

ਅੱਜ, ਮਾਲਗਾਓਂ ਵੰਡਪਾਊ ਤਾਕਤਾਂ ਦੇ ਵਿਰੁੱਧ ਖੜ੍ਹੇ ਹੋਣ ਅਤੇ ਮੁਸਲਿਮ ਭਾਈਚਾਰੇ ਦੇ ਇੱਕ ਸਮਾਰਕ ਨੂੰ ਬਚਾਉਣ ਦੀ ਇੱਕ ਦੁਰਲੱਭ ਉਦਾਹਰਣ ਵਜੋਂ ਖੜ੍ਹਾ ਹੈ।

ਪਿਛਲੇ ਡੇਢ ਸਾਲ ਤੋਂ ਮਹਾਰਾਸ਼ਟਰ ਵਿੱਚ ਮੁਸਲਮਾਨਾਂ ਦੇ ਪੂਜਾ ਸਥਾਨਾਂ 'ਤੇ ਹਮਲੇ ਵੱਧ ਰਹੇ ਹਨ ਅਤੇ ਇਸ ਤੋਂ ਵੀ ਵੱਧ ਇਨ੍ਹਾਂ ਮਾਮਲਿਆਂ ਦੇ ਦੋਸ਼ੀ ਸਜ਼ਾ ਤੋਂ ਬਚ ਗਏ ਹਨ – ਇਹ ਸਾਰਾ ਕੁਝ ਵੀ ਮੁੱਖ ਤੌਰ 'ਤੇ ਪੁਲਿਸ ਦੀ ਅਸਫ਼ਲਤਾ ਅਤੇ ਬਹੁਗਿਣਤੀ ਦੀ ਚੁੱਪ ਕਾਰਨ ਹੀ ਹੋਇਆ ਹੈ।

2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਢਾਈ ਸਾਲ ਤੱਕ ਭਾਰਤ ਦੇ ਸਭ ਤੋਂ ਅਮੀਰ ਰਾਜ 'ਤੇ ਤਿੰਨ ਰਾਜਨੀਤਿਕ ਪਾਰਟੀਆਂ ਸ਼ਿਵ ਸੈਨਾ, ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਗੱਠਜੋੜ ਦਾ ਸ਼ਾਸਨ ਰਿਹਾ ਅਤੇ ਊਧਵ ਠਾਕਰੇ ਉਸ ਸਰਕਾਰ ਦੇ ਮੁੱਖ ਮੰਤਰੀ ਬਣੇ।

ਪਰ ਜੂਨ 2022 ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ਿਵ ਸੈਨਾ ਦੇ 40 ਵਿਧਾਇਕਾਂ ਨੂੰ ਹਟਾ ਕੇ ਅਤੇ ਗੱਠਜੋੜ ਨੂੰ ਤੋੜ ਕੇ ਸਰਕਾਰ ਬਣਾਈ। ਇਸ ਤੋਂ ਬਾਅਦ ਮਹਾਰਾਸ਼ਟਰ ਦੀ ਸੱਤਾ 'ਚ ਬਦਲਾਅ ਦੇਖਣ ਨੂੰ ਮਿਲ਼ਿਆ। ਉਦੋਂ ਤੋਂ, ਕੱਟੜਪੰਥੀ ਹਿੰਦੂ ਸਮੂਹ ਇਕੱਠੇ ਹੋਏ ਹਨ ਅਤੇ ਰਾਜ ਭਰ ਵਿੱਚ ਦਰਜਨਾਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੁਸਲਮਾਨਾਂ ਦੇ ਖਾਤਮੇ ਅਤੇ ਉਨ੍ਹਾਂ 'ਤੇ ਆਰਥਿਕ ਬਾਈਕਾਟ ਲਗਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ। ਇਹ ਰਾਜ ਦਾ ਮਾਹੌਲ ਖ਼ਰਾਬ ਕਰਨ ਦੀ ਤਕੜੀ ਤੇ ਠੋਸ ਕੋਸ਼ਿਸ਼ ਹੈ ਅਤੇ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ 'ਤੇ ਹਮਲੇ ਹੋਣਾ ਇਸੇ ਕੋਸ਼ਿਸ਼ ਦਾ ਹਿੱਸਾ ਹਨ।

PHOTO • Parth M.N.
PHOTO • Parth M.N.

ਖੱਬੇ: ਸਕੂਲੀ ਬੱਚੇ ਦਰਗਾਹ ਦੇ ਸਾਹਮਣੇ ਲੱਗੇ ਰੁੱਖ ਦੇ ਹੇਠਾਂ ਆਪਣਾ ਹੋਮਵਰਕ ਕਰਦੇ ਹਨ। ਇੱਥੇ ਹੀ ਨੌਜਵਾਨ ਲੜਕੇ ਤੇ ਲੜਕੀਆਂ ਸਿਵਲ ਸੇਵਾਵਾਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ। ਸੱਜੇ: ਜਾਧਵ ਆਪਣੀ ਸਕੂਟਰੀ ' ਤੇ ਦਰਗਾਹ ਵੱਲ ਜਾ ਰਹੇ ਹਨ। ' ਪਿੰਡ ਵਿੱਚ ਅਜ਼ਾਦੀ ਤੋਂ ਪਹਿਲਾਂ ਦੇ ਬਹੁਤ ਸਾਰੇ ਧਾਰਮਿਕ ਸਥਾਨ ਹਨ। ਅਸੀਂ ਉਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ, ' ਉਹ ਕਹਿੰਦੇ ਹਨ

ਸਤਾਰਾ ਦੇ ਸਮਾਜਿਕ ਕਾਰਕੁਨ ਮਿਨਾਜ਼ ਸੱਯਦ ਦਾ ਕਹਿਣਾ ਹੈ ਕਿ ਰਾਜ ਦੇ ਧਰੁਵੀਕਰਨ ਦੀ ਯੋਜਨਾ 'ਤੇ ਸਾਲਾਂ ਤੋਂ ਕੰਮ ਚੱਲ ਰਿਹਾ ਹੈ, ਪਰ 2022 ਤੋਂ ਇਹ ਤੇਜ਼ ਹੋ ਗਿਆ ਹੈ। ''ਦਰਗਾਹਾਂ ਅਤੇ ਕਬਰਿਸਤਾਨ ਵਰਗੀਆਂ ਯਾਦਗਾਰਾਂ ਦੀ ਦੇਖਭਾਲ਼ ਆਮ ਤੌਰ 'ਤੇ ਪਿੰਡ ਦੇ ਹਿੰਦੂ ਅਤੇ ਮੁਸਲਿਮ ਦੋਵਾਂ ਭਾਈਚਾਰਿਆਂ ਦੇ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ ਪਰ ਅੱਜ ਉਨ੍ਹਾਂ 'ਤੇ ਹੀ ਹਮਲਾ ਹੋ ਰਿਹਾ ਹੈ,'' ਉਹ ਕਹਿੰਦੇ ਹਨ,''ਸਦਭਾਵਨਾਪੂਰਨ ਸੱਭਿਆਚਾਰ ਹੀ ਉਨ੍ਹਾਂ ਦਾ ਅਸਲ ਨਿਸ਼ਾਨਾ ਹੈ।"

ਫਰਵਰੀ 2023 'ਚ ਕੱਟੜਪੰਥੀ ਹਿੰਦੂਆਂ ਦੇ ਇੱਕ ਸਮੂਹ ਨੇ ਕੋਲ੍ਹਾਪੁਰ ਦੇ ਬਿਸ਼ਾਲਗੜ੍ਹ ਕਸਬੇ 'ਚ ਹਜ਼ਰਤ ਪੀਰ ਮਲਿਕ ਰੇਹਾਨ ਸ਼ਾਹ ਦੀ ਦਰਗਾਹ 'ਤੇ ਰਾਕੇਟ ਦਾਗੇ ਸਨ। ਹੋਰ ਤਾਂ ਹੋਰ ਇਹ ਸਾਰਾ ਕਾਰਾ ਪੁਲਿਸ ਦੀ ਮੌਜੂਦਗੀ ਵਿੱਚ ਹੋਇਆ।

ਸਤੰਬਰ 2023 'ਚ ਭਾਜਪਾ ਨੇਤਾ ਵਿਕਰਮ ਪਾਵਸਕਰ ਦੀ ਛਤਰ ਛਾਇਆ ਹੇਠ ਕੱਟੜਪੰਥੀ ਸੰਗਠਨ ਹਿੰਦੂ ਏਕਤਾ ਨੇ ਸਤਾਰਾ ਦੇ ਪੁਸਾਬਲੀ ਪਿੰਡ 'ਚ ਇੱਕ ਮਸਜਿਦ 'ਚ ਹਿੰਸਾ ਕੀਤੀ। ਇਹ ਹਿੰਸਾ ਕੁਝ ਫ਼ਰਜ਼ੀ ਸਕ੍ਰੀਨਸ਼ਾਟ ਨੂੰ ਲੈ ਕੇ ਭੜਕੀ ਜੋ ਵਟਸਐਪ 'ਤੇ ਵਾਇਰਲ ਹੋਏ ਸਨ, ਜਿਨ੍ਹਾਂ ਦੀ ਪ੍ਰਮਾਣਿਕਤਾ ਸ਼ੱਕੀ ਸੀ। ਭੀੜ ਨੇ ਮਸਜਿਦ ਅੰਦਰ ਸ਼ਾਂਤੀ ਪੂਰਵਕ ਨਮਾਜ਼ ਅਦਾ ਕਰ ਰਹੇ 10-12 ਮੁਸਲਮਾਨਾਂ 'ਤੇ ਡੰਡਿਆਂ, ਲੋਹੇ ਦੀਆਂ ਰਾਡਾਂ, ਟਾਈਲਾਂ ਆਦਿ ਨਾਲ਼ ਹਮਲਾ ਕਰ ਦਿੱਤਾ। ਸੱਟਾਂ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪੜ੍ਹੋ: ਜਿੱਥੇ ਫ਼ਰਜ਼ੀ ਤਸਵੀਰਾਂ ਜ਼ਿੰਦਗੀਆਂ ਤਬਾਹ ਕਰਨ ਦੀ ਰੱਖਦੀਆਂ ਨੇ ਤਾਕਤ!

ਦਸੰਬਰ 2023 ਵਿੱਚ, ਕੌਮੀ ਸਦਭਾਵਨਾ ਸਥਾਪਤ ਕਰਨ ਲਈ ਕੰਮ ਕਰ ਰਹੇ ਸਲੋਖਾ ਸੰਪਰਕ ਗੱਟ ਨਾਮਦੇ ਇੱਕ ਸਮੂਹ ਨੇ ਇੱਕ ਕਿਤਾਬਚਾ ਜਾਰੀ ਕੀਤਾ ਜਿਸ ਵਿੱਚ ਸਤਾਰਾ ਦੇ ਸਿਰਫ ਇੱਕ ਜ਼ਿਲ੍ਹੇ ਵਿੱਚ ਮੁਸਲਮਾਨਾਂ ਦੇ ਪੂਜਾ ਸਥਾਨਾਂ 'ਤੇ ਅਜਿਹੇ 13 ਹਮਲਿਆਂ ਦਾ ਦਸਤਾਵੇਜ਼ ਦਿੱਤਾ ਗਿਆ ਸੀ। ਹਮਲੇ ਦੀ ਪ੍ਰਕਿਰਤੀ ਕਬਰ ਨੂੰ ਤਬਾਹ ਕਰਨ ਤੋਂ ਲੈ ਕੇ ਮਸਜਿਦ ਦੇ ਸਿਖਰ 'ਤੇ ਕੇਸਰੀ ਝੰਡਾ ਲਹਿਰਾਉਣ ਤੱਕ ਸੀ, ਜਿਸ ਨੇ ਫਿਰਕੂ ਸਦਭਾਵਨਾ ਨੂੰ ਹੋਰ ਵਧਾ ਦਿੱਤਾ।

ਇਹ ਕਿਤਾਬਚਾ ਕਹਿੰਦਾ ਹੈ ਕਿ ਇਕੱਲੇ 2022 'ਚ ਮਹਾਰਾਸ਼ਟਰ 'ਚ 8,218 ਤੋਂ ਵੱਧ ਦੰਗੇ ਹੋਏ ਅਤੇ 9,500 ਤੋਂ ਵੱਧ ਨਾਗਰਿਕ ਪ੍ਰਭਾਵਿਤ ਹੋਏ। ਇੱਕ ਸਾਲ ਦਾ ਹਿਸਾਬ ਲਾਇਆਂ ਰੋਜ਼ ਦੇ ਔਸਤਨ 23 ਦੰਗੇ।

PHOTO • Parth M.N.
PHOTO • Parth M.N.

ਖੱਬੇ: ਸਲੋਖਾ ਸੰਪਰਕ ਗਾਟ ਦੁਆਰਾ ਪ੍ਰਕਾਸ਼ਤ ਕਿਤਾਬਚੇ ਵਿੱਚ ਇਕੱਲੇ ਸਤਾਰਾ ਜ਼ਿਲ੍ਹੇ ਵਿੱਚ 13 ਮੁਸਲਮਾਨਾਂ ਦੇ ਪੂਜਾ ਸਥਾਨਾਂ ' ਤੇ ਹੋਏ ਹਮਲਿਆਂ ਦਾ ਵੇਰਵਾ ਦਿੱਤਾ ਗਿਆ ਹੈ। ਇਕੱਲੇ 2022 ' ਚ ਮਹਾਰਾਸ਼ਟਰ ' ਚ 8,218 ਤੋਂ ਵੱਧ ਦੰਗੇ ਹੋਏ ਅਤੇ 9,500 ਤੋਂ ਵੱਧ ਪ੍ਰਭਾਵਿਤ ਹੋਏ। ਸੱਜੇ: ਕੌਮੀ (ਸੰਪਰਦਾਇੱਕ) ਸਦਭਾਵਨਾ ਦਾ ਪ੍ਰਤੀਕ, ਮਾਲਗਾਓਂ ਦਰਗਾਹ, ਹਿੰਦੂਆਂ ਅਤੇ ਮੁਸਲਮਾਨਾਂ ਦੁਆਰਾ ਸਾਂਭ ਕੇ ਰੱਖੀ ਰੱਖੀ ਜਾਂਦੀ ਰਹੀ ਹੈ

ਜੂਨ 2023 ਦੀ ਇੱਕ ਸਵੇਰ, 53 ਸਾਲਾ ਸ਼ਮਸੂਦੀਨ ਸੱਯਦ ਸਤਾਰਾ ਦੇ ਕੌਂਡਵੇ ਪਿੰਡ ਦੀ ਮਸਜਿਦ ਵਿੱਚ ਪਹੁੰਚੇ, ਉੱਥੇ ਮਸਜਿਦ ਵੱਲ ਨਜ਼ਰ ਮਾਰਿਆਂ ਉਨ੍ਹਾਂ ਦਾ ਦਿਲ ਯਕਦਮ ਜ਼ੋਰ ਦੀ ਧੜਕਿਆ। ਮਸਜਿਦ ਦੇ ਗੁੰਬਦ ਦੇ ਉੱਪਰ ਹਵਾ ਵਿੱਚ ਕੇਸਰੀ ਝੰਡਾ ਲਹਿਰਾ ਰਿਹਾ ਸੀ ਜਿਸ 'ਤੇ ਕਾਲ਼ੇ ਅੱਖਰਾਂ ਵਿੱਚ 'ਜੈ ਸ਼੍ਰੀ ਰਾਮ' ਸ਼ਬਦ ਲਿਖੇ ਹੋਏ ਹਨ। ਸੱਯਦ ਡਰ ਗਏ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਬੁਲਾਇਆ ਅਤੇ ਸਥਿਤੀ ਨਾਲ਼ ਨਜਿੱਠਣ ਦੀ ਬੇਨਤੀ ਕੀਤੀ। ਪਰ ਜਦੋਂ ਪੁਲਿਸ ਭੀੜੀ ਗਲੀ ਦੇ ਮੁਹਾਨੇ 'ਤੇ ਖੜ੍ਹੀ ਝੰਡਾ ਨੂੰ ਉਤਾਰਦੇ ਦੇਖ ਰਹੀ ਸੀ ਤਾਂ ਵੀ ਸੱਯਦ ਦਾ ਮਨ ਭਵਿੱਖੀ ਉਥਲ-ਪੁਥਲ ਦੇ ਵਿਚਾਰਾਂ ਨਾਲ਼ ਭਰਿਆ ਹੋਇਆ ਸੀ।

''ਕੁਝ ਦਿਨ ਪਹਿਲਾਂ ਵੀ ਇੱਕ ਮੁਸਲਿਮ ਲੜਕੇ ਨੇ ਟੀਪੂ ਸੁਲਤਾਨ ਬਾਰੇ ਸਟੇਟਸ ਪਾਇਆ ਹੋਇਆ ਸੀ,'' ਮਸਜਿਦ ਦੇ ਟਰੱਸਟੀ, ਸੱਯਦ ਨੇ ਦੱਸਿਆ। ''ਹਿੰਦੂਤਵ ਸਮੂਹਾਂ ਨੂੰ 18ਵੀਂ ਸਦੀ ਦੇ ਮੁਸਲਿਮ ਸ਼ਾਸਕ ਦੀ ਮਹਿਮਾ ਪਸੰਦ ਨਹੀਂ ਆਈ, ਇਸ ਲਈ ਉਹ ਪਿੰਡ ਦੀ ਮਸਜਿਦ ਦੀ ਬੇਅਦਬੀ ਕਰਕੇ ਇਸ ਦਾ ਬਦਲਾ ਲੈਣਾ ਚਾਹੁੰਦੇ ਸਨ।''

ਟੀਪੂ ਸੁਲਤਾਨ ਦਾ ਸਟੇਟਸ ਪਾਉਣ ਵਾਲ਼ੇ 20 ਸਾਲਾ ਨੌਜਵਾਨ, ਸੋਹੇਲ ਪਠਾਨ ਨੇ ਆਪਣੀ ਹਰਕਤ 'ਤੇ ਅਫ਼ਸੋਸ ਜ਼ਾਹਰ ਕੀਤਾ: "ਮੈਨੂੰ ਇੰਝ ਨਹੀਂ ਕਰਨਾ ਚਾਹੀਦਾ ਸੀ। ਮੈਂ ਇੱਕ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੇ ਪਰਿਵਾਰ ਨੂੰ ਖ਼ਤਰੇ 'ਚ ਪਾ ਦਿੱਤਾ।''

ਉਨ੍ਹਾਂ ਦੀ ਪੋਸਟ ਅਪਲੋਡ ਹੋਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਕੱਟੜਪੰਥੀ ਹਿੰਦੂਆਂ ਦੇ ਇੱਕ ਸਮੂਹ ਨੇ ਉਨ੍ਹਾਂ ਦੀ ਹਨ੍ਹੇਰੀ, ਇੱਕ ਕਮਰੇ ਵਾਲ਼ੀ ਝੌਂਪੜੀ 'ਤੇ ਹਮਲਾ ਕਰ ਦਿੱਤਾ ਅਤੇ ਥੱਪੜ ਮਾਰ-ਮਾਰ ਉਨ੍ਹਾਂ ਦਾ ਮੂੰਹ ਸੁਜਾ ਦਿੱਤਾ। ਸੋਹੇਲ ਕਹਿੰਦੇ ਹਨ, "ਅਸੀਂ ਬਦਲਾ ਨਹੀਂ ਲਿਆ ਕਿਉਂਕਿ ਇਸ ਨਾਲ਼ ਸਥਿਤੀ ਹੋਰ ਵਿਗੜ ਜਾਂਦੀ। ਇੰਸਟਾਗ੍ਰਾਮ ਸਟੋਰੀ ਦਾ ਤਾਂ ਇੱਕ ਬਹਾਨਾ ਹੀ ਸੀ। ਉਨ੍ਹਾਂ ਨੂੰ ਮੁਸਲਮਾਨਾਂ 'ਤੇ ਹਮਲਾ ਕਰਨ ਲਈ ਬੱਸ ਮੌਕਾ ਚਾਹੀਦਾ ਹੁੰਦਾ ਹੈ।''

ਜਿਸ ਰਾਤ ਉਨ੍ਹਾਂ 'ਤੇ ਹਮਲਾ ਹੋਇਆ, ਉਸੇ ਰਾਤ ਪੁਲਿਸ ਨੇ ਦਖ਼ਲ ਦਿੱਤਾ ਅਤੇ ਸੋਹੇਲ ਦੇ ਖਿਲਾਫ਼ ਹੀ ਕੇਸ ਦਰਜ ਕਰ ਲਿਆ। ਉਨ੍ਹਾਂ ਨੂੰ ਇੱਕ ਰਾਤ ਥਾਣੇ ਵਿੱਚ ਬਿਤਾਉਣੀ ਪਈ ਅਤੇ ਕੇਸ ਅਜੇ ਵੀ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਿਹਾ ਹੈ ਜਿੱਥੇ ਉਨ੍ਹਾਂ 'ਤੇ ਧਾਰਮਿਕ ਦੁਸ਼ਮਣੀ ਫੈਲਾਉਣ ਦਾ ਦੋਸ਼ ਹੈ। ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਕੁੱਟਿਆ, ਉਹ ਖੁੱਲ੍ਹ ਕੇ ਘੁੰਮ ਰਹੇ ਹਨ।

ਸੋਹੇਲ ਦੀ 46 ਸਾਲਾ ਮਾਂ, ਸ਼ਹਿਨਾਜ਼ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਸਤਾਰਾ 'ਚ ਰਹਿ ਰਿਹਾ ਹੈ ਪਰ ਸੋਸ਼ਲ ਮੀਡੀਆ 'ਤੇ ਆਪਣੀਆਂ ਗਤੀਵਿਧੀਆਂ ਕਾਰਨ ਉਨ੍ਹਾਂ ਨੂੰ ਕਦੇ ਵੀ ਇਸ ਤਰ੍ਹਾਂ ਦੀ ਦੁਸ਼ਮਣੀ ਜਾਂ ਨਿਗਰਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। "ਮੇਰੇ ਮਾਪਿਆਂ ਅਤੇ ਦਾਦਾ-ਦਾਦੀ ਨੇ ਵੰਡ ਦੌਰਾਨ ਭਾਰਤ ਵਿੱਚ ਰਹਿਣ ਦਾ ਫ਼ੈਸਲਾ ਕੀਤਾ ਕਿਉਂਕਿ ਅਸੀਂ ਇੱਕ ਧਰਮ ਨਿਰਪੱਖ ਸੰਵਿਧਾਨ ਵਿੱਚ ਵਿਸ਼ਵਾਸ ਕਰਦੇ ਸੀ। ''ਇਹ ਮੇਰੀ ਜ਼ਮੀਨ ਹੈ, ਇਹ ਮੇਰਾ ਪਿੰਡ ਹੈ, ਇਹ ਮੇਰਾ ਘਰ ਹੈ। ਪਰ ਜਦੋਂ ਮੇਰੇ ਬੱਚੇ ਕੰਮ ਲਈ ਬਾਹਰ ਜਾਂਦੇ ਹਨ ਤਾਂ ਮੈਨੂੰ ਡਰ ਲੱਗਦਾ ਹੈ।''

PHOTO • Parth M.N.

ਸਤਾਰਾ ਦੇ ਕੌਂਡਵੇ ਪਿੰਡ ਦੇ ਰਹਿਣ ਵਾਲ਼ੇ ਸੋਹੇਲ ਪਠਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ' ਤੇ ਟੀਪੂ ਸੁਲਤਾਨ ਨਾਲ਼ ਜੁੜਿਆ ਸਟੇਟਸ ਅਪਲੋਡ ਕੀਤਾ , ਜਿਸ ਤੋਂ ਬਾਅਦ ਉਨ੍ਹਾਂ ਦੇ ਪਿੰਡ ਦੀ ਇੱਕ ਮਸਜਿਦ ' ਚ ਭੰਨ੍ਹਤੋੜ ਕੀਤੀ ਗਈ ਅਤੇ ਉਨ੍ਹਾਂ ਦੇ ਘਰ ' ਤੇ ਹਮਲਾ ਕੀਤਾ ਗਿਆ

ਸੋਹੇਲ ਇੱਕ ਗੈਰੇਜ ਵਿੱਚ ਕੰਮ ਕਰਦੇ ਹਨ ਅਤੇ ਉਨ੍ਹਾਂ ਦਾ 24 ਸਾਲਾ ਭਰਾ, ਆਫਤਾਬ ਵੈਲਡਰ ਹੈ। ਦੋਵੇਂ ਭਰਾ ਪਰਿਵਾਰ ਦੇ ਇੱਕਲੌਤੇ ਕਮਾਊ ਮੈਂਬਰ ਹਨ, ਜੋ ਹਰ ਮਹੀਨੇ ਲਗਭਗ 15,000 ਰੁਪਏ ਕਮਾਉਂਦੇ ਹਨ। ਸੋਹੇਲ ਦੇ ਖਿਲਾਫ਼ ਬੇਤੁਕੇ ਕੇਸ ਵਿੱਚ, ਜ਼ਮਾਨਤ ਅਤੇ ਵਕੀਲ ਦੀ ਫੀਸ ਨੇ ਉਨ੍ਹਾਂ ਦੋ ਮਹੀਨਿਆਂ ਦੀ ਆਮਦਨੀ ਨਿਗਲ਼ ਲਈ। "ਤੁਸੀਂ ਦੇਖ ਸਕਦੇ ਹੋ ਕਿ ਅਸੀਂ ਕਿਵੇਂ ਰਹਿੰਦੇ ਹਾਂ," ਸ਼ਹਿਨਾਜ਼ ਆਪਣੇ ਛੋਟੇ ਜਿਹੇ ਘਰ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ, ਜਿੱਥੇ ਆਫਤਾਬ ਦੀ ਵੈਲਡਿੰਗ ਮਸ਼ੀਨ ਕੰਧ ਦੇ ਇੰਨਾ ਨਾਲ਼ ਕਰਕੇ ਰੱਖੀ ਹੋਈ ਹੈ ਕਿ ਉਹਦਾ ਰੰਗ ਹੀ ਉਤਰਨ ਲੱਗਿਆ ਹੈ। ''ਅਸੀਂ ਅਦਾਲਤੀ ਕੇਸ ਵਿੱਚ ਪੈਸਾ ਖ਼ਰਚ ਨਹੀਂ ਕਰ ਸਕਦੇ। ਇੰਨੀ ਖਿੱਚੋਤਾਣ ਵਿੱਚ ਸਿਰਫ਼ ਇੱਕੋ ਗੱਲ ਚੰਗੀ ਹੋਈ ਕਿ ਪਿੰਡ ਦੀ ਸ਼ਾਂਤੀ ਕਮੇਟੀ ਅੱਗੇ ਆਈ ਅਤੇ ਸਥਿਤੀ ਨੂੰ ਸ਼ਾਂਤ ਕੀਤਾ।''

71 ਸਾਲਾ ਕਿਸਾਨ ਅਤੇ ਕੋਂਡਵੇ ਦੀ ਸ਼ਾਂਤੀ ਕਮੇਟੀ ਦੇ ਸੀਨੀਅਰ ਮੈਂਬਰ ਮਧੂਖਰ ਨਿੰਬਲਕਰ ਕਹਿੰਦੇ ਹਨ ਕਿ 2014 ਵਿੱਚ ਇਸ ਦੀ ਸਥਾਪਨਾ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਕਮੇਟੀ ਨੂੰ ਦਖ਼ਲ ਦੇਣਾ ਪਿਆ ਸੀ। "ਅਸੀਂ ਮਸਜਿਦ ਵਿੱਚ ਇੱਕ ਮੀਟਿੰਗ ਕੀਤੀ ਜਿੱਥੇ ਕੇਸਰੀ ਝੰਡਾ ਲਹਿਰਾਇਆ ਗਿਆ ਸੀ," ਉਹ ਕਹਿੰਦੇ ਹਨ, ''ਦੋਵਾਂ ਭਾਈਚਾਰਿਆਂ ਨੇ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਣ ਦਾ ਸੰਕਲਪ ਲਿਆ।''

ਨਿੰਬਲਕਰ ਦਾ ਕਹਿਣਾ ਹੈ ਕਿ ਮਸਜਿਦ ਵਿੱਚ ਮੀਟਿੰਗ ਹੋਣ ਦੇ ਪਿੱਛੇ ਇੱਕ ਕਾਰਨ ਸੀ। ਉਹ ਦੱਸਦੇ ਹਨ, "ਇਸ ਦੇ ਸਾਹਮਣੇ ਖੁੱਲ੍ਹੀ ਜਗ੍ਹਾ ਲੰਬੇ ਸਮੇਂ ਤੋਂ ਹਿੰਦੂ ਵਿਆਹਾਂ ਲਈ ਵਰਤੀ ਜਾਂਦੀ ਰਹੀ ਹੈ। ਇਸ ਦਾ ਮਕਸਦ ਲੋਕਾਂ ਨੂੰ ਯਾਦ ਦਿਵਾਉਣਾ ਸੀ ਕਿ ਅਸੀਂ ਇੰਨੇ ਸਾਲਾਂ ਤੋਂ ਕਿਵੇਂ ਜਿਉਂਦੇ ਆ ਰਹੇ ਹਾਂ।''

*****

ਅਯੁੱਧਿਆ 'ਚ 22 ਜਨਵਰੀ 2024 ਨੂੰ ਰਾਮ ਲਲਾ ਮੰਦਰ ਦਾ ਉਦਘਾਟਨ ਕੀਤਾ ਗਿਆ। ਨਵੰਬਰ 2019 'ਚ ਸੁਪਰੀਮ ਕੋਰਟ ਨੇ ਸਰਬਸੰਮਤੀ ਨਾਲ਼ ਅਯੁੱਧਿਆ 'ਚ ਵਿਵਾਦਿਤ ਜ਼ਮੀਨ ਨੂੰ ਮੰਦਰ ਦੀ ਉਸਾਰੀ ਲਈ ਸੌਂਪਣ ਦਾ ਆਦੇਸ਼ ਦਿੱਤਾ ਸੀ। ਇਹ ਮੰਦਰ ਉਸੇ ਜਗ੍ਹਾ 'ਤੇ ਬਣਾਇਆ ਗਿਆ ਹੈ ਜਿੱਥੇ ਚਾਰ ਦਹਾਕੇ ਪਹਿਲਾਂ ਬਾਬਰੀ ਮਸਜਿਦ ਖੜ੍ਹੀ ਸੀ, ਜਿਸ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਅਗਵਾਈ ਵਾਲ਼ੇ ਕੱਟੜ ਹਿੰਦੂ ਸਮੂਹਾਂ ਨੇ ਢਾਹ ਦਿੱਤਾ ਸੀ।

ਉਦੋਂ ਤੋਂ ਹੀ ਬਾਬਰੀ ਮਸਜਿਦ ਨੂੰ ਢਾਹੁਣਾ ਕਿਤੇ ਨਾ ਕਿਤੇ ਭਾਰਤ 'ਚ ਧਰੁਵੀਕਰਨ ਦੀ ਆਵਾਜ਼ ਬਣ ਗਈ।

ਭਾਵੇਂਕਿ ਸੁਪਰੀਮ ਕੋਰਟ ਦੇ ਜੱਜਾਂ ਨੇ ਬਾਬਰੀ ਮਸਜਿਦ ਢਾਹੇ ਜਾਣ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਪਰ ਉਸੇ ਥਾਵੇਂ ਮੰਦਰ ਦੀ ਉਸਾਰੀ ਲਈ ਜਾਰੀ ਉਸ ਦੇ ਆਦੇਸ਼ ਨੇ ਅਪਰਾਧੀਆਂ ਨੂੰ ਇਨਾਮ ਅਤੇ ਹੌਂਸਲਾ ਹੀ ਦਿੱਤਾ। ਮਾਮਲੇ ਦਾ ਅਵਲੋਕਨ ਕਰਨ ਵਾਲ਼ਿਆਂ ਦਾ ਮੰਨਣਾ ਹੈ ਕਿ ਇਸ ਫ਼ੈਸਲੇ ਨੇ ਕੱਟੜਪੰਥੀ ਸਮੂਹਾਂ ਨੂੰ ਮੀਡੀਆ ਦੀਆਂ ਸੁਰਖੀਆਂ ਤੋਂ ਦੂਰ ਬੀਹੜ ਪਿੰਡਾਂ ਦੇ ਮੁਸਲਮਾਨਾਂ ਦੇ ਪੂਜਾ ਸਥਾਨਾਂ ਦਾ ਪਿੱਛੇ ਕੀਤੇ ਜਾਣ ਦੀ ਤਾਕਤ ਹੀ ਦਿੱਤੀ ਹੈ।

PHOTO • Parth M.N.
PHOTO • Parth M.N.

2023 ਵਿੱਚ ਭੀੜ ਵੱਲੋਂ ਹਮਲਾ ਕਰਕੇ ਜ਼ਖਮੀ ਕੀਤੇ ਆਪਣੇ ਬੇਟੇ ਦੀ ਤਸਵੀਰ ਫੜ੍ਹੀ ਨਸੀਮ। ਵਰਧਨਗੜ੍ਹ, ਜਿੱਥੇ ਨਸੀਮ ਆਪਣੇ ਪਰਿਵਾਰ ਨਾਲ਼ ਰਹਿੰਦੇ ਹਨ, ਦਾ ਧਾਰਮਿਕ ਬਹੁਲਵਾਦ ਦਾ ਅਮੀਰ ਇਤਿਹਾਸ ਹੈ

ਮਿਨਾਜ ਸੱਯਦ ਦਾ ਕਹਿਣਾ ਹੈ ਕਿ 1947 'ਚ ਆਜ਼ਾਦੀ ਦੇ ਸਮੇਂ ਸਾਰੇ ਭਾਈਚਾਰਿਆਂ ਦੇ ਧਾਰਮਿਕ ਸਥਾਨਾਂ ਨੂੰ ਉਸੇ ਹਾਲਤ ਵਿੱਚ ਰੱਖਿਆ ਜਾਣਾ ਸਵੀਕਾਰ ਕੀਤਾ ਗਿਆ ਸੀ। "ਸੁਪਰੀਮ ਕੋਰਟ ਦੇ ਫ਼ੈਸਲੇ ਨੇ ਉਸ ਸਮੇਂ ਲਏ ਫ਼ੈਸਲੇ ਨੂੰ ਪਲਟ ਦਿੱਤਾ," ਉਹ ਕਹਿੰਦੇ ਹਨ। ''ਕਿਉਂਕਿ ਹਿੰਦੂ ਧੜਿਆਂ ਦੀ ਇਹ ਖ਼ਾਹਿਸ਼ ਬਾਬਰੀ ਮਸਜਿਦ ਤੋਂ ਬਾਅਦ ਵੀ ਨਾ ਰੁਕੀ ਸੋ ਹੁਣ ਉਹ ਹੋਰ ਹੋਰ ਮਸਜਿਦਾਂ ਦੇ ਪਿੱਛੇ ਪੈ ਰਹੇ ਹਨ।''

ਜਦੋਂ ਉਨ੍ਹਾਂ ਦਾ ਪਿੰਡ, ਜ਼ਿਲ੍ਹਾ ਅਤੇ ਰਾਜ ਨਫ਼ਰਤ ਭਰੇ ਦੌਰ ਵਿੱਚੋਂ ਦੀ ਲੰਘ ਰਹੇ ਹਨ, ਤਾਂ ਸਤਾਰਾ ਦੇ ਵਰਧਨਗੜ੍ਹ ਪਿੰਡ ਦੇ ਇਸ 69 ਸਾਲਾ ਦਰਜ਼ੀ, ਹੁਸੈਨ ਸ਼ਿਕਲਗਰ ਨੂੰ ਪੀੜ੍ਹੀਆਂ ਵਿੱਚ ਪਈਆਂ ਵੰਡੀਆਂ ਸਾਫ਼ ਨਜ਼ਰ ਆ ਰਹੀਆਂ ਹਨ। ਉਹ ਫ਼ਿਕਰਮੰਦ ਸੁਰ ਵਿੱਚ ਕਹਿੰਦੇ ਹਨ,''ਨੌਜਵਾਨ ਪੀੜ੍ਹੀ ਦਾ ਪੂਰੀ ਤਰ੍ਹਾਂ ਬ੍ਰੇਨਵਾਸ਼ ਹੋ ਗਿਆ ਹੈ। ਮੇਰੀ ਉਮਰ ਦੇ ਲੋਕ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹਨ। ਮੈਂ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਸ਼ੁਰੂ ਹੋਇਆ ਧਰੁਵੀਕਰਨ ਦੇਖਿਆ ਹੈ। ਪਰ ਉਦੋਂ ਦੇ ਤਣਾਓ ਤੇ ਅੱਜ ਦੇ ਤਣਾਓ ਦਾ ਕੋਈ ਮੁਕਾਬਲਾ ਹੀ ਨਹੀਂ। ਕਿੱਥੇ, 1992 ਵਿੱਚ ਮੈਂ ਇਸ ਪਿੰਡ ਦਾ ਸਰਪੰਚ ਚੁਣਿਆ ਗਿਆ ਤੇ ਅੱਜ ਮੈਂ ਦੂਜੇ ਦਰਜੇ ਦਾ ਨਾਗਰਿਕ ਮਹਿਸੂਸ ਕਰ ਰਿਹਾ ਹਾਂ।''

ਸ਼ਿਕਲਗਰ ਦੀਆਂ ਟਿੱਪਣੀਆਂ ਖਾਸ ਤੌਰ 'ਤੇ ਗੰਭੀਰ ਹਨ, ਕਿਉਂਕਿ ਉਨ੍ਹਾਂ ਦਾ ਪਿੰਡ ਸਾਲਾਂ ਤੋਂ ਧਾਰਮਿਕ ਬਹੁਲਵਾਦ ਨੂੰ ਅਪਣਾਉਣ ਲਈ ਜਾਣਿਆ ਜਾਂਦਾ ਹੈ। ਵਰਧਨਗੜ੍ਹ ਕਿਲ੍ਹੇ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਸਥਿਤ ਇਹ ਪਿੰਡ ਪੂਰੇ ਮਹਾਰਾਸ਼ਟਰ ਤੋਂ ਆਉਣ ਵਾਲ਼ੇ ਸ਼ਰਧਾਲੂਆਂ ਲਈ ਤੀਰਥ ਸਥਾਨ ਹੈ। ਪਿੰਡ ਦਾ ਇੱਕ ਪਹਾੜੀ ਜੰਗਲੀ ਇਲਾਕਾ ਪੰਜ ਮਕਬਰਿਆਂ ਅਤੇ ਮੰਦਰਾਂ ਦੀ ਥਾਂ ਹੈ, ਜਿੱਥੇ ਹਿੰਦੂ ਅਤੇ ਮੁਸਲਮਾਨ ਇਕੱਠੇ ਪ੍ਰਾਰਥਨਾ ਕਰਦੇ ਹਨ। ਦੋਵਾਂ ਭਾਈਚਾਰਿਆਂ ਨੇ ਅੱਜ ਤੱਕ ਮਿਲ਼ ਕੇ ਇਸ ਥਾਂ ਦੀ ਸਾਂਭ-ਸੰਭਾਲ਼ ਤੇ ਦੇਖਭਾਲ਼ ਕੀਤੀ ਤੇ ਜੁਲਾਈ 2023 ਤੱਕ ਕਰਦੇ ਆਏ ਸਨ।

ਜੂਨ 2023 ਵਿੱਚ "ਅਣਪਛਾਤੇ ਵਸਨੀਕਾਂ" ਨੇ ਪੀਰ ਦਾ-ਉਲ-ਮਲਿਕ ਦੀ ਕਬਰ ਨੂੰ ਢਾਹ ਦਿੱਤਾ, ਜਿੱਥੇ ਮੁਸਲਮਾਨ ਨਿਯਮਤ ਤੌਰ 'ਤੇ ਪੂਜਾ ਕਰਦੇ ਸਨ, ਵਰਧਨਗੜ੍ਹ ਵਿੱਚ ਚਾਰ ਸਮਾਰਕ ਬਣੇ ਹੋਏ ਹਨ। ਅਗਲੇ ਮਹੀਨੇ, ਜੰਗਲਾਤ ਵਿਭਾਗ ਨੇ ਮਕਬਰੇ ਨੂੰ ਪੂਰੀ ਤਰ੍ਹਾਂ ਪੱਧਰਾ ਕਰ ਦਿੱਤਾ ਸੀ ਅਤੇ ਇਸ ਨੂੰ ਗੈਰ-ਕਾਨੂੰਨੀ ਉਸਾਰੀ ਕਰਾਰ ਦਿੱਤਾ। ਮੁਸਲਮਾਨ ਹੈਰਾਨ ਹਨ ਕਿ ਪੰਜ ਮਕਬਰਿਆਂ ਵਿੱਚੋਂ ਸਿਰਫ਼ ਇਸ ਇੱਕਲੌਤੇ ਢਾਂਚੇ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ ਸੀ।

PHOTO • Courtesy: Residents of Vardhangad

ਵਰਧਨਗੜ੍ਹ ਦਾ ਮਕਬਰਾ  ਢਾਹੇ ਜਾਣ ਤੋਂ ਪਹਿਲਾਂ। ਪਿੰਡ ਦੇ ਮੁਸਲਿਮ ਵਸਨੀਕ ਪੁੱਛਦੇ ਹਨ ਕਿ ਸਿਰਫ਼ ਉਨ੍ਹਾਂ ਦੀਆਂ ਯਾਦਗਾਰਾਂ ਨੂੰ ਹੀ ਕਬਜ਼ੇ ਹੇਠਲੀ ਜ਼ਮੀਨ ਕਿਉਂ ਕਰਾਰ ਦਿੱਤਾ ਜਾ ਰਿਹਾ ਹੈ

ਵਰਧਨਗੜ੍ਹ ਦੇ ਵਸਨੀਕ ਅਤੇ 21 ਸਾਲਾ ਵਿਦਿਆਰਥੀ ਮੁਹੰਮਦ ਸਾਦ ਕਹਿੰਦੇ ਹਨ, "ਇਹ ਪਿੰਡ ਦੇ ਮੁਸਲਮਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਸੀ। ਉਸੇ ਸਮੇਂ, ਮੈਨੂੰ ਸੋਸ਼ਲ ਮੀਡੀਆ ਪੋਸਟਾਂ ਲਈ ਨਿਸ਼ਾਨਾ ਬਣਾਇਆ ਗਿਆ।''

ਸਾਦ ਦੇ ਚਚੇਰੇ ਭਰਾ, ਜੋ ਕੁਝ ਘੰਟਿਆਂ ਦੀ ਦੂਰੀ 'ਤੇ ਸਥਿਤ ਪੁਣੇ ਵਿੱਚ ਰਹਿੰਦੇ ਹਨ, ਨੇ 17ਵੀਂ ਸਦੀ ਦੇ ਸ਼ਾਸਕ ਔਰੰਗਜ਼ੇਬ ਦੀ ਇੱਕ ਇੰਸਟਾਗ੍ਰਾਮ ਪੋਸਟ ਅਪਲੋਡ ਕੀਤੀ। ਪੋਸਟ ਤੋਂ ਨਾਰਾਜ਼ ਹਿੰਦੂਤਵ ਸਮੂਹਾਂ ਦੇ ਮੈਂਬਰ ਉਸੇ ਰਾਤ ਸਾਦ ਦੇ ਦਰਵਾਜ਼ੇ 'ਤੇ ਆ ਧਮਕੇ ਅਤੇ ਉਨ੍ਹਾਂ ਨੂੰ ਘਸੀਟ ਕੇ ਘਰੋਂ ਬਾਹਰ ਕੱਢ ਦਿੱਤਾ ਅਤੇ ਲੋਹੇ ਦੀਆਂ ਰਾਡਾਂ ਅਤੇ ਹਾਕੀ ਸਟਿੱਕਾਂ ਨਾਲ਼ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ' ਔਰੰਗਜ਼ੇਬ ਕੀ ਔਲਾਦ ' ਕਿਹਾ।

ਸਾਦ ਯਾਦ ਕਰਦੇ ਹਨ, "ਇਹ ਸਭ ਦੇਰ ਰਾਤ ਹੋਇਆ ਸੀ, ਮੈਂ ਤਾਂ ਮਰ ਹੀ ਗਿਆ ਹੁੰਦਾ। ਵਢਭਾਗੀਂ ਉਸੇ ਵੇਲ਼ੇ ਪੁਲਿਸ ਦੀ ਇੱਕ ਗੱਡੀ ਓਧਰੋਂ ਲੰਘੀ ਤੇ ਪੁਲਿਸ ਦੇ ਵਾਹਨ ਨੂੰ ਦੇਖਦਿਆਂ ਹੀ ਭੀੜ ਭੱਜ ਗਈ।''

ਸਾਦ ਨੂੰ ਸਿਰ ਦੀਆਂ ਸੱਟਾਂ, ਟੁੱਟੀਆਂ ਲੱਤਾਂ ਅਤੇ ਗੱਲ੍ਹ ਦੀ ਟੁੱਟੀ ਹੱਢੀ ਦੇ ਇਲਾਜ ਲਈ 15 ਦਿਨ ਹਸਪਤਾਲ ਭਰਤੀ ਰਹਿਣ ਪਿਆ, ਜਿੱਥੇ ਉਨ੍ਹਾਂ ਨੂੰ ਕਈ ਦਿਨ ਖੂਨ ਦੀਆਂ ਉਲਟੀਆਂ ਆਉਂਦੀਆਂ ਰਹੀਆਂ। ਅੱਜ ਵੀ ਉਨ੍ਹਾਂ ਨੂੰ ਇਕੱਲੇ ਯਾਤਰਾ ਕਰਨਾ ਮੁਸ਼ਕਲ ਲੱਗਦਾ ਹੈ। "ਮੈਨੂੰ ਲੱਗਦਾ ਹੈ ਜਿਵੇਂ ਮੈਨੂੰ ਦੁਬਾਰਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ," ਉਹ ਕਹਿੰਦੇ ਹਨ,''ਮੈਂ ਆਪਣੀ ਪੜ੍ਹਾਈ 'ਤੇ ਧਿਆਨ ਨਹੀਂ ਲਾ ਪਾਉਂਦਾ।''

ਸਾਦ ਬੈਚਲਰ ਆਫ਼ ਕੰਪਿਊਟਰ ਸਾਇੰਸ ਵਿੱਚ ਡਿਗਰੀ ਪ੍ਰਾਪਤ ਕਰਨ ਲਈ ਪੜ੍ਹਾਈ ਕਰ ਰਹੇ ਹਨ। ਉਹ ਇੱਕ ਹੁਸ਼ਿਆਰ ਅਤੇ ਸੁਹਿਰਦ ਵਿਦਿਆਰਥੀ ਹਨ, ਜਿਨ੍ਹਾਂ ਆਪਣੀ 12ਵੀਂ ਦੀ ਬੋਰਡ ਪ੍ਰੀਖਿਆ 93 ਪ੍ਰਤੀਸ਼ਤ ਅੰਕਾਂ ਨਾਲ਼ ਪਾਸ ਕੀਤੀ। ਪਰ ਹਾਲ ਹੀ ਦੇ ਮਹੀਨਿਆਂ ਵਿੱਚ ਉਨ੍ਹਾਂ ਦੇ ਅੰਕਾਂ ਵਿੱਚ ਗਿਰਾਵਟ ਆਈ ਹੈ। "ਹਸਪਤਾਲ ਵਿੱਚ ਦਾਖਲ ਹੋਣ ਦੇ ਤਿੰਨ ਦਿਨ ਬਾਅਦ, ਮੇਰੇ ਚਾਚੇ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਉਹ 75 ਸਾਲ ਦੇ ਸਨ, ਪਰ ਸਨ ਸਿਹਤਮੰਦ। ਉਨ੍ਹਾਂ ਨੂੰ ਦਿਲ ਦੀ ਕੋਈ ਸਮੱਸਿਆ ਵੀ ਨਹੀਂ ਸੀ। ਸਪੱਸ਼ਟ ਹੈ ਕਿ ਤਣਾਅ ਹੀ ਦੌਰੇ ਦਾ ਕਾਰਨ ਬਣਿਆ ਹੋਣਾ। ਮੈਂ ਉਨ੍ਹਾਂ ਨੂੰ ਭੁੱਲ ਨਹੀਂ ਪਾ ਰਿਹਾ।''

ਜਦੋਂ ਤੋਂ ਇਹ ਦੁਖਾਂਤ ਵਾਪਰਿਆ ਹੈ, ਮੁਸਲਮਾਨਾਂ ਨੇ ਹਿੰਦੂਆਂ ਨਾਲ਼ ਮਿਲ਼-ਬੈਠਣ ਦੀ ਬਜਾਏ ਇਕੱਲੇ ਰਹਿਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ਼ ਪਿੰਡ ਦਾ ਮਾਹੌਲ ਬਦਲ ਗਿਆ ਹੈ। ਪੁਰਾਣੀਆਂ ਦੋਸਤੀਆਂ ਤਣਾਅ ਦਾ ਸ਼ਿਕਾਰ ਹੋ ਗਈਆਂ ਅਤੇ ਰਿਸ਼ਤੇ ਟੁੱਟ ਗਏ ਹਨ।''

PHOTO • Parth M.N.
PHOTO • Parth M.N.

ਖੱਬੇ: ' ਇਹ ਪਿੰਡ ਦੇ ਮੁਸਲਮਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਸੀ ,' ਵਰਧਨਗੜ੍ਹ ਦੇ ਵਸਨੀਕ ਅਤੇ ਵਿਦਿਆਰਥੀ ਮੁਹੰਮਦ ਸਾਦ ਕਹਿੰਦੇ ਹਨ। ਸੱਜੇ : ਵਰਧਨਗੜ੍ਹ ਦੇ ਇੱਕ ਦਰਜੀ ਹੁਸੈਨ ਸ਼ਿਕਲਗਰ ਕਹਿੰਦੇ ਹਨ ,' ਮੈਂ ਆਪਣੀ ਸਾਰੀ ਜ਼ਿੰਦਗੀ ਪੂਰੇ ਪਿੰਡ ਵਾਲ਼ਿਆਂ ਦੇ ਕੱਪੜੇ ਸਿਉਂਤੇ ਪਰ ਪਿਛਲੇ ਕੁਝ ਸਾਲਾਂ ਤੋਂ ਮੇਰੇ ਹਿੰਦੂ ਗਾਹਕਾਂ ਨੇ ਇੱਥੇ ਆਉਣਾ ਬੰਦ ਕਰ ਦਿੱਤਾ ਹੈ। ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਇਹ ਵਿਰੋਧ ਕਾਰਨ ਹੋ ਰਿਹਾ ਹੈ ਜਾਂ  ਸਾਥੀਆਂ ਦੇ ਦਬਾਅ ਕਾਰਨ '

ਸ਼ਿਕਲਗਰ ਦਾ ਕਹਿਣਾ ਹੈ ਕਿ ਇਹ ਬਦਲਾਅ ਸਿਰਫ਼ ਇਨ੍ਹਾਂ ਦੋਵਾਂ ਮਾਮਲਿਆਂ ਨੂੰ ਲੈ ਕੇ ਨਹੀਂ ਆਇਆ। ਇਹ ਅਲੱਗ-ਥਲੱਗਤਾ ਰੋਜ਼ਮੱਰਾ ਦੀਆਂ ਗੱਲਾਂ ਵਿੱਚ ਵੀ ਸਪੱਸ਼ਟ ਝਲ਼ਕਦੀ ਹੈ।

"ਮੈਂ ਇੱਕ ਦਰਜੀ ਹਾਂ," ਉਹ ਕਹਿੰਦੇ ਹਨ। "ਮੈਂ ਆਪਣੀ ਸਾਰੀ ਜ਼ਿੰਦਗੀ ਇਸ ਪੂਰੇ ਪਿੰਡ ਲਈ ਕੱਪੜੇ ਸਿਉਂਤੇ ਹਨ। ਪਿਛਲੇ ਕੁਝ ਸਾਲਾਂ ਤੋਂ ਮੇਰੇ ਹਿੰਦੂ ਗਾਹਕਾਂ ਨੇ ਇੱਥੇ ਆਉਣਾ ਬੰਦ ਕਰ ਦਿੱਤਾ ਹੈ। ਮੈਨੂੰ ਯਕੀਨ ਨਹੀਂ ਆ ਰਿਹਾ ਕਿ ਇਹ ਸਭ ਵਿਰੋਧ ਕਾਰਨ ਹੋ ਰਿਹਾ ਹੈ ਜਾਂ ਸਾਥੀਆਂ ਦੇ ਦਬਾਅ ਕਾਰਨ।

ਉਹ ਅੱਗੇ ਕਹਿੰਦੇ ਹਨ ਇੱਥੋਂ ਤੱਕ ਕਿ ਭਾਸ਼ਾ ਵੀ ਬਦਲ ਗਈ ਹੈ।  "ਮੈਨੂੰ ਯਾਦ ਨਹੀਂ ਕਿ ਮੈਂ ਕਿੰਨਾ ਲੰਬਾ ਸਮਾਂ ਪਹਿਲਾਂ ' ਲੰਡੀਆ ' ਸ਼ਬਦ ਸੁਣਿਆ ਸੀ,'' ਉਹ ਮੁਸਲਮਾਨਾਂ ਨੂੰ ਮਿਹਣਾ ਦੇਣ ਲਈ ਵਰਤੀਦੀਂ ਸ਼ਬਦਾਵਲੀ ਬਾਰੇ ਕਹਿੰਦੇ ਹਨ। ''ਅੱਜ-ਕੱਲ੍ਹ ਸਾਨੂੰ ਇਹ ਸ਼ਬਦ ਵਾਰ-ਵਾਰ ਸੁਣਨ ਨੂੰ ਮਿਲ਼ਦਾ ਹੈ। ਹਿੰਦੂਆਂ ਅਤੇ ਮੁਸਲਮਾਨਾਂ ਨੇ ਇੱਕ-ਦੂਜੇ ਨਾਲ਼ ਅੱਖਾਂ ਮਿਲਾਉਣੀਆਂ ਬੰਦ ਕਰ ਦਿੱਤੀਆਂ ਹਨ।''

ਵਰਧਨਗੜ੍ਹ ਦਾ ਦੁਖਾਂਤ ਪੱਛਮੀ ਮਹਾਰਾਸ਼ਟਰ ਦੇ ਸਤਾਰਾ ਖੇਤਰ ਦੀ ਕੋਈ ਇਕੱਲੀ ਘਟਨਾ ਨਹੀਂ ਹੈ। ਫਿਰਕੂ ਤਣਾਅ ਨੇ ਪਿੰਡਾਂ ਦੇ ਪਿੰਡਾਂ ਨੂੰ ਧਾਰਮਿਕ ਲੀਹਾਂ ਤੋਂ ਅਲੱਗ ਕਰ ਦਿੱਤਾ ਹੈ, ਜਿਸ ਕਾਰਨ ਪੇਂਡੂ ਖੇਤਰਾਂ ਵਿੱਚ ਤਿਉਹਾਰਾਂ ਅਤੇ ਵਿਆਹ ਸਮਾਰੋਹਾਂ ਦਾ ਚਿਹਰਾ ਬਦਲ ਗਿਆ ਹੈ।

ਸ਼ਿਕਲਗਰ ਦਾ ਕਹਿਣਾ ਹੈ ਕਿ ਉਹ ਵਰਧਨਗੜ੍ਹ ਵਿੱਚ ਹਿੰਦੂ ਗਣੇਸ਼ ਉਤਸਵ ਆਯੋਜਿਤ ਕਰਨ ਵਿੱਚ ਸਭ ਤੋਂ ਅੱਗੇ ਰਹਿੰਦੇ ਸਨ, ਜਦੋਂ ਕਿ ਬਹੁਤ ਸਾਰੇ ਹਿੰਦੂ ਸੂਫੀ ਸੰਤ ਮੋਹਿਨੁੱਦੀਨ ਚਿਸ਼ਤੀ ਦੀ ਬਰਸੀ ਦੇ ਸਾਲਾਨਾ ਤਿਉਹਾਰ ਉਰਸ ਵਿੱਚ ਹਿੱਸਾ ਲੈਂਦੇ ਸਨ। ਪਿੰਡ ਦਾ ਕੋਈ ਵੀ ਵਿਆਹ ਸਾਂਝੇ ਜਸ਼ਨ ਦੀ ਥਾਂ ਬਣਦਾ। "ਹੁਣ ਇਹ ਸਭ ਗੁੰਮ ਹੋ ਗਿਆ ਹੈ," ਉਹ ਦੁਖੀ ਹੋ ਕੇ ਕਹਿੰਦੇ ਹਨ। ''ਇੱਕ ਸਮਾਂ ਸੀ ਜਦੋਂ ਰਾਮ ਨੌਮੀ ਯਾਤਰਾ ਮਸਜਿਦ ਦੇ ਨੇੜਿਓਂ ਲੰਘਦੀ ਤਾਂ ਆਦਰ ਵਿੱਚ ਉਹ (ਯਾਤਰਾ) ਆਪਣਾ ਸੰਗੀਤ ਬੰਦ ਕਰ ਦਿੰਦੇ। ਹੁਣ, ਸਿਰਫ਼ ਸਾਨੂੰ ਪਰੇਸ਼ਾਨ ਕਰਨ ਦੀ ਮੰਸ਼ਾ ਨਾਲ਼ ਇਹ ਉੱਚੀ ਆਵਾਜ਼ ਵਿੱਚ ਵਜਾਇਆ ਜਾਂਦਾ ਹੈ।''

ਹਾਲਾਂਕਿ, ਦੋਵਾਂ ਭਾਈਚਾਰਿਆਂ ਦਾ ਇੱਕ ਮੋਹਤਬਰ ਹਿੱਸਾ ਮੰਨਦਾ ਹੈ ਕਿ ਹਾਲੇ ਵੀ ਸਭ ਕੁਝ ਖ਼ਤਮ ਨਹੀਂ ਹੋਇਆ ਹੈ ਅਤੇ ਧਰਮਾਂ ਵਿਚਾਲੇ ਨਫ਼ਰਤ ਦੀ ਲੀਕ ਖਿੱਚਣ ਵਾਲ਼ੀ ਇਹ ਭੀੜ ਬਹੁਗਿਣਤੀ ਦੇ ਹਿੱਤਾਂ ਦੀ ਨੁਮਾਇੰਦਗੀ ਨਹੀਂ ਕਰਦੀ। "ਉਹ ਚੁੱਕਣਾ ਵਿੱਚ ਹਨ, ਉਨ੍ਹਾਂ ਨੂੰ ਰਾਜ ਦਾ ਸਮਰਥਨ ਪ੍ਰਾਪਤ ਹੈ, ਇਸ ਲਈ ਇਓਂ ਜਾਪਦਾ ਹੈ ਜਿਵੇਂ ਇਹ ਫ਼ਿਰਕੂ ਲੋਕੀਂ ਬਹੁਤ ਵੱਡੀ ਗਿਣਤੀ ਵਿੱਚ ਹੋਣ," ਮਾਲਗਾਓਂ ਦੇ ਜਾਧਵ ਕਹਿੰਦੇ ਹਨ। ''ਜ਼ਿਆਦਾਤਰ ਲੋਕ ਬਿਨਾਂ ਕਿਸੇ ਵਿਵਾਦ ਦੇ ਸ਼ਾਂਤੀ ਨਾਲ਼ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਇਸ ਲਈ ਹਿੰਦੂ ਬੋਲਣ ਤੋਂ ਡਰਦੇ ਹਨ। ਪਰ ਉਨ੍ਹਾਂ ਨੂੰ ਆਪਣੇ ਇਸ ਢੱਰੇ ਨੂੰ ਬਦਲਣ ਦੀ ਲੋੜ ਹੈ।''

ਜਾਧਵ ਦਾ ਮੰਨਣਾ ਹੈ ਕਿ ਮਾਲਗਾਓਂ ਨੇ ਜੋ ਕੀਤਾ ਉਹ ਪੂਰੇ ਮਹਾਰਾਸ਼ਟਰ ਰਾਜ ਜਾਂ ਇੱਥੋਂ ਤੱਕ ਕਿ ਪੂਰੇ ਸਤਾਰਾ ਲਈ ਬਲੂਪ੍ਰਿੰਟ (ਅਨੁਸਰਣਯੋਗ) ਹੋ ਸਕਦਾ ਹੈ। ਉਹ ਜ਼ੋਰ ਦੇ ਕੇ ਕਹਿੰਦੇ ਹਨ, "ਜਿਵੇਂ  ਹਿੰਦੂ ਦਰਗਾਹ ਨੂੰ ਬਚਾਉਣ ਲਈ ਅੱਗੇ ਆਏ, ਕੱਟੜਪੰਥੀ ਤੱਤਾਂ ਨੂੰ ਆਪਣੇ ਪੈਰ ਪਿਛਾਂਹ ਖਿੱਚਣੇ ਪਏ। ਧਾਰਮਿਕ ਬਹੁਲਵਾਦ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ ਹੈ ਨਾ ਕਿ ਸਿਰਫ਼ ਮੁਸਲਮਾਨਾਂ ਦੀ। ਸਾਡੀ ਅੱਜ ਦੀ ਚੁੱਪ ਸਮਾਜ ਵਿਰੋਧੀ ਅਨਸਰਾਂ ਨੂੰ ਉਤਸ਼ਾਹਿਤ ਕਰਦੀ ਰਹੇਗੀ।''

ਤਰਜਮਾ: ਕਮਲਜੀਤ ਕੌਰ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Editor : Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur